ਛਪਾਰ ਦਾ ਮੇਲਾ

ਛਪਾਰ ਦਾ ਮੇਲਾ

ਇਸ ਸਾਲ ਮੇਲਾ ਮਿਤੀ 06/09/2017

ਪੰਜਾਬ ਦੇ ਮੇਲਿਆਂ ਵਿੱਚੋਂ ਕਹਿੰਦਾ ਕਹਾਉਂਦਾ ਮਾਲਵੇ ਦਾ ਪ੍ਰਸਿੱਧ ਮੇਲਾ, ਮੇਲਾ ਛਪਾਰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਛਪਾਰ ਵਿਖੇ ਗੁੱਗੇ ਦੀ ਮਾੜੀ ਤੇ ਭਾਦੋਂ (ਸਤੰਬਰ) ਦੀ ਚਾਨਣੀ ਚੌਦਸ ਨੂੰ ਲਗਦਾ ਹੈ ।

ਇਕ ਦੰਦ ਕਥਾ ਅਨੁਸਾਰ ਗੁੱਗਾ ਜਾਂ ਗੁੱਗਾ ਵੀਰ ਜਾਂ ਪੀਰ ਗੜ੍ਹ ਦਦਰੇੜਾ (ਬੀਕਾਨੇਰ) ਦੇ ਚੌਹਾਨ ਰਾਜੇ ਜ਼ੇਵਰ (ਕੁਝ ਅਨੁਸਾਰ ਜੈਮਲ) ਅਤੇ ਰਾੜੀ ਬਾਛਲ ਦੇ ਘਰ ਗਿਆਰਵੀ ਜਾਂ ਬਾਰਵੀਂ ਸਦੀ ਦੇ ਇਰਦ ਗਿਰਦ ਗੋਰਖਨਾਥ ਦੇ ਵਰ (ਗੁੱਗਲ) ਦੇਣ ਨਾਲ ਪੈਦਾ ਹੋਇਆ ਤੇ ਇਸਦਾ ਨਾਮ ਗੁੱਗਲ ਤੋਂ ਹੀ ਗੁੱਗਾ ਰੱਖਿਆ ਗਿਆ । ਇਸ ਨੇ ਆਪਣੀ ਮਾਸੀ ਦੇ ਜੌੜੇ ਪੁੱਤਰਾਂ ਅਰਜਨ ਅਤੇ ਸੁਰਜਨ ਨੂੰ ਮਾਰ ਦਿੱਤਾ ਜਿਹੜੇ ਕਿ ਇਸ ਦੀ ਮੰਗੇਤਰ ਸਿਲੀਅਰ ਨਾਲ ਵਿਆਹ ਕਰਵਾਉਣਾ ਚਾਹੁੰਦੇ ਸਨ । ਇਸ ਗਲ ਦਾ ਪਤਾ ਲੱਗਣ ਤੇ ਗੁੱਗੇ ਦੀ ਮਾਂ ਨੇ ਉਸਨੂੰ ਆਪਣੀਆਂ ਅੱਖਾਂ ਤੋਂ ਦੁਰ ਹੋ ਜਾਣ ਲਈ ਕਹਿ ਦਿੱਤਾ ਅਤੇ ਇਸਨੂੰ ਨਾ ਬਰਦਾਸ਼ਤ ਕਰਦੇ ਹੋਏ ਗੁੱਗੇ ਨੇ ਧਰਤੀ ਵਿੱਚ ਗਰਕ ਹੋਣ ਦੀ ਠਾਣ ਲਈ ਪਰ ਹਿੰਦੂ ਹੋਣ ਕਰਕੇ ਧਰਤੀ ਨੇ ਵਿਹਲ ਨਾ ਦਿੱਤੀ ਤਾਂ ਇਸਨੇ ਖੁਆਜ਼ਾ ਮੁਹੀਉੱਦੀਨ ਬਠਿੰਡਾ (ਕੁਝ ਅਨੁਸਾਰ ਹਾਜ਼ੀ ਰਤਨ) ਪਾਸੋਂ ਇਸਲਾਮ ਧਾਰਨ ਕਰ ਲਿਆ ਅਤੇ ਘੋੜੇ ਸਮੇਤ ਧਰਤੀ ਵਿੱਚ ਸਮਾਂ ਗਿਆ । ਕੁਝ ਲੋਕਾਂ ਅਨੁਸਾਰ ਗੜ੍ਹ ਦਦਰੇੜੇ ਦੀ ਇਸ ਮਾੜੀ ਤੋਂ ਮਿੱਟੀ ਲਿਆ ਕੇ ਹੀ ਛਪਾਰ ਦੀ ਮਾੜੀ ਸਥਾਪਤ ਕੀਤੀ ਗਈ ਹੈ ।

ਛਪਾਰ ਮਾੜੀ ਤੇ ਲੱਗਣ ਵਾਲੇ ਮੇਲੇ ਬਾਰੇ ਇਕ ਹੋਰ ਦੰਦ ਕਥਾ ਵੀ ਪ੍ਰਚਿਲਤ ਹੈ ਜਿਸ ਅਨੁਸਾਰ ਦੋ ਕੁ ਸੋ ਸਾਲ ਪਹਿਲਾਂ ਇਹ ਜਮੀਨ ਛਪਾਰ ਦੇ ਇਕ ਸੇਖੋਂ ਸਰਦਾਰ ਦੀ ਸੀ । ਉਸਦੀ ਪਤਨੀ ਜਦ ਆਪਣੇ ਬੱਚੇ ਨੂੰ ਸੁਆ ਕੇ ਖੇਤਾਂ ਵਿੱਚ ਕੰਮ ਕਰਿਆ ਕਰੇ ਤਾਂ ਇਕ ਨਾਗ ਫਨ ਖਲਾਰ ਕੇ ਬੱਚੇ ਨੂੰ ਛਾਂ ਕਰਿਆ ਕਰੇ । ਪਰ ਇਕ ਦਿਨ ਇਕ ਰਾਹੀ ਨੇ ਸੱਪ ਨੂੰ ਬੱਚੇ ਕੋਲ ਦੇਖ ਕੇ ਮਾਰ ਦਿੱਤਾ ਤੇ ਬੱਚੇ ਦੀ ਮਾਂ ਨੂੰ ਸਦ ਕੇ ਸਾਰੀ ਕਹਾਣੀ ਸੁਣਾਈ । ਜਦੋਂ ਉਹਨਾਂ ਪਿੱਛੋਂ ਦੇਖਿਆ ਤਾਂ ਬੱਚਾ ਵੀ ਮਰਿਆ ਪਿਆ ਸੀ । ਇਹ ਘਟਨਾ ਅਨੰਤ ਚੌਦਸ ਭਾਵ ਭਾਦੋਂ ਚੌਦਸ ਨੂੰ ਵਾਪਰੀ । ਬੱਚੇ ਅਤੇ ਨਾਗ ਨੂੰ ਇਕੱਠੇ ਦਫਨਾਇਆ ਗਿਆ । ਘਟਨਾ ਤੋਂ ਚੌਦਵੀ ਰਾਤ ਬੱਚੇ ਨੇ ਮਾਂ ਨੂੰ ਸੁਪਨੇ ਵਿੱਚ ਦੱਸਿਆ ਕਿ ਉਹ ਗੁੱਗੇ ਦਾ ਅਵਤਾਰ ਸੀ ਅਤੇ ਨਾਗ ਉਸਦਾ ਰਖਵਾਲਾ । ਉਸਨੇ ਮਾਂ ਨੂੰ ਉਹ ਜਮੀਨ ਬ੍ਰਹਾਮਣ ਨੂੰ ਦੇਣ ਅਤੇ ਆਪਣੀ ਮਾੜੀ ਬਨਾਉਣ ਲਈ ਕਿਹਾ । ਬੱਚੇ ਗੁੱਗੇ ਨੇ ਬ੍ਰਾਹਮਣ ਨੂੰ ਵੀ ਸੁਪਨੇ ਵਿੱਚ ਮਾੜੀ ਬਣਾਉਣ ਲਈ ਕਿਹਾਤੇ ਵਰ ਦਿੱਤਾ ਕਿ ਇੱਥੇ ਸੱਪ ਦੇ ਡੰਗੇ ਰਾਜ਼ੀ ਹੋਣਗੇ ਅਤੇ ਸੁੱਖਾਂ ਪੂਰੀਆਂ ਹੋਇਆ ਕਰਨਗੀਆਂ । ਬ੍ਰਹਾਮਣ ਨੇ ਲੋਕਾਂ ਦੀ ਮਦਦ ਨਾਲ ਮਾੜੀ ਬਣਾਈ । ਮਗਰੋਂ ਰਿਆਸਤ ਨਾਭਾ ਦੇ ਇਕ ਵਜ਼ੀਰ ਨੇ ਪੁੱਤਰ ਦੀ ਸੁੱਖ ਪੂਰੀ ਹੋਣ ਤੇ ਮਾੜੀ ਦੀ ਚੰਗੀ ਇਮਾਰਤ ਬਣਵਾਈ ਜੋ ਕਿ 80 ਕੁ ਸਾਲ ਪਿਹਲੋ ਢਹਿ ਗਈ ਸੀ। ਮੌਜੂਦਾ ਇਮਾਰਤ 1923 ਵਿੱਚ ਸੇਖੋਂਆਂ ਦੇ ਪ੍ਰੋਹਿਤ ਪੁਜ਼ਾਰੀਆਂ ਨੇ ਬਣਵਾਈ ।

ਛਪਾਰ ਦੇ ਮੇਲੇ ਦੀ ਰੌਣਕ ਦੇਖਣਯੋਗ ਹੁੰਦੀ ਹੈ । ਮੇਲੇ ਤੋਂ ਹਫਤਾ ਪਹਿਲਾਂ ਹੀ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆ ਹਨ । ਜਿਵੇਂ ਜਿਵੇਂ ਮੇਲਾ ਨੇੜੇ ਆਉਂਦਾ ਹੈ ਸਰਕਸ, ਚੰਡੋਲ, ਹਲਵਾਈ, ਵਣਜਾਰੇ ਅਤੇ ਹੋਰ ਲਟਾ ਪਟਾ ਸਮਾਨ ਵੇਚਣ ਵਾਲੇ ਡੇਰੇ ਜਮਾਉਣੇ ਸ਼ੁਰੂ ਕਰ ਦਿੰਦੇ ਹਨ ਅਤੇ ਰਾਜਸੀ ਕਾਨਫਰੰਸਾਂ ਕਰਨ ਵਾਲੀਆਂ ਪਾਰਟੀਆਂ ਆਪਣੇ ਸ਼ਾਮਿਆਨੇ, ਤੰਬੂ ਕਨਾਤਾਂ ਅਤੇ ਟੈਂਟ ਆ ਗੱਡਦੇ ਹਨ । ਇਉ ਲਗਦਾ ਜਿਵੇਂ ਮਾੜੀ ਦੇ ਇਰਦ ਗਿਰਦ ਤੰਬੂਆਂ ਟੈਂਟਾਂ ਦਾ ਇਕ ਸ਼ਹਿਰ ਜਿਹਾ ਵੱਸ ਗਿਆ ਹੋਵੇ ।

ਮੇਲੇ ਤੋਂ ਇਕ ਦਿਨ ਪਹਿਲਾਂ ਚੌਕੀਆਂ ਹੁੰਦੀਆਂ ਹਨ ਅਤੇ ਲੋਕ ਆਪਣੇ ਪਸ਼ੂਆਂ ਨੂੱ ਲਿਆ ਕੇ ਸੱਪ ਲੜਨ ਤੋਂ ਚੌਕੀਆਂ ਭਰਵਾਉਂਦੇ ਹਨ । ਤਿੰਨ ਦਿਨ ਚਲਣ ਵਾਲੇ ਮੇਲੇ ਵਿੱਚ ਸ਼ਰਧਾਲੂ ਮਾੜੀ ਦੇ ਸਾਹਮਣੇ ਸੱਤ ਵਾਰੀ ਮਿੱਟੀ ਕੱਢ ਕੇ ਅੰਦਰ ਗੁੱਗੇ ਅਤੇ ਸੱਪ ਦੀ ਮੂਰਤੀ ਨੂੰ ਮੱਥਾ ਟੇਕ ਕੇ ਪਤਾਸੇ, ਸੇਵੀਆ, ਗੁੜ, ਕਣਕ ਆਦਿ ਚੜਾਉਂਦੇ ਹਨ । ਕੁਝ ਸ਼ਰਧਾਲੂ ਆਪਣੇ ਸਰੀਰ ਨੂੰ ਤਸੀਹੇ ਦੇ ਕੇ ਗੁੱਗੇ ਨੂੰ ਖੁਸ਼ ਕਰਦੇ ਹਨ । ਔਰਤਾਂ ਦਾ ਮੇਲਾ ਆਖਰੀ ਦਿਨ ਹੁੱਦਾ ਹੈ ।

ਮੇਲਾ ਤਿੰਨ ਦਿਨ ਪੂਰਾ ਭਰਦਾ ਹੈ । ਪੂਰੇ ਪੰਜਾਬ ਤੋਂ ਲੋਕ ਹੁਮ ਹੁਮਾ ਕੇ ਮੇਲਾ ਦੇਖਣ ਆਉਂਦੇ ਹਨ । ਸ਼ਰਧਾਲੂ ਮਾੜੀ ਤੇ ਆਪਣੀ ਸੁਖਨਾ ਲਾਹੁੰਦੇ ਹਨ ਤੇ ਬਜਾਰਾਂ ਵਿੱਚ ਮੇਲੀਆਂ ਦੀਆਂ ਟੋਲੀਆਂ ਬੋਲੀਆਂ ਤੇ ਖੁਰਦੂ ਪਾਉਂਦੀਆਂ ਖਾਣ ਪੀਣ ਦੀਆਂ ਦੁਕਾਨਾਂ ਤੇ ਦੇਖੀਆਂ ਜਾ ਸਕਦੀਆਂ ਹਨ । ਸਿਆਸੀ ਪਾਰਟੀਆਂ ਦੀਆਂ ਕਾਨਫਰੰਸਾਂ ਦੇ ਸਪੀਕਰਾਂ ਦਾ ਰੋਲਾ ਰੱਪਾ ਵੀ ਸੁਣਾਈ ਦਿੰਦਾ ਹੈ ।

ਵੰਡ ਤੋਂ ਪਹਿਲਾਂ ਜਦੋ ਅਹਿਮਦਗੜ੍ਹ, ਮਲੇਰਕੋਟਲਾ ਦਾ ਹਿੱਸਾ ਸੀ ਉਸ ਵੇਲੇ ਮੇਲੇ ਦੀ ਚੜ੍ਹਤ ਨਿਆਰੀ ਸੀ । ਇਹ ਮੇਲਾ ਅਹਿਮਦਗੜ੍ਹ ਤੱਕ ਲਗਦਾ ਸੀ ਤੇ ਨਵਾਬ ਮਲੇਰਕੋਟਲਾ ਨੂੰ ਤਹਿ ਬਜਾਰੀ ਤੋਂ ਹੀ ਲੱਖਾਂ ਦੀ ਆਮਦਨ ਸੀ । ਮੇਲੇ ਦੇ ਦਿਨਾਂ ਵਿੱਚ ਇੱਥੇ ਸ਼ਰਾਬ ਦੀ ਵਿਕਰੀ ਹੀ ਲੱਖਾਂ ਰੁਪਈਆਂ ਵਿੱਰ ਸੀ । ਸੈਕੜੇ ਕਵਾਲ, ਨਚਾਰ, ਨਾਚੀਆਂ, ਨਕਲੀਏ ਮੇਲੇ ਤੇ ਧੂਮ ਧੜੱਕੇ ਨਾਲ ਪਹੁੰਚਦੇ ਸਨ ਤੇ ਜੁਆਰੀਏ ਵੀ । ਵੰਡ ਤੋਂ ਬਾਅਦ ਮੇਲੇ ਦੀ ਉਹ ਰੌਣਕ ਨਹੀਂ ਰਹੀ ਪਰ ਛਪਾਰ ਦਾ ਮੇਲਾ ਫਿਰ ਵੀ ਛਪਾਰ ਦਾ ਮੇਲਾ ਹੈ ।