Zamzama Gun – Bhangian Di Tope ਜ਼ਮਜ਼ਮਾਂ ਤੋਪ – ਭੰਗੀਆਂ ਦੀ ਤੋਪ

ਜ਼ਮਜ਼ਮਾਂ ਤੋਪ – ਭੰਗੀਆਂ ਦੀ ਤੋਪ

ਸਿੱਖ ਰਾਜ ਕਾਲ ਵੇਲੇ ਦੀ ਇਹ ਪ੍ਰਸਿੱਧ ਤੋਪ ਲਾਹੌਰ ਵਿੱਚ ਢਾਲੀ ਗਈ ਸੀ । ਇਸਨੂੰ ਅਹਿਮਦ ਸ਼ਾਹ ਅਬਦਾਲੀ ਦੇ ਵਜ਼ੀਰ ਸ਼ਾਹ ਵਲੀ ਖਾਂ ਦੀਆਂ ਹਦਾਇਤਾਂ ਅਨੁਸਾਰ ਸ਼ਾਹ ਨਜ਼ੀਰ ਨੇ 1761 ਈ. ਵਿਚ ਢਾਲਿਆ । ਇਸ ਦੇ ਢਾਲਣ ਦੀ ਮਿਤੀ ਦਾ ਇਸ ਉੱਪਰ ਲਿਖੇ ਨਾਮ ‘ਪੀਕਰੇ ਅਜ਼ਦਹਾਏ ਆਤਿਸ਼ ਬਾਰ’ ਅਬਜ਼ਦ ਦੇ ਹਿਸਾਬ ਨਾਲ ਇਸ ਦਾ ਸਾਲ 1174 ਹਿਜ਼ਰੀ ਅਰਥਾਤ 1761 ਈ. ਨਿਕਲਦਾ ਹੈ (ਪਰ ਕੁਝ ਇਤਹਾਸਕਾਰਾਂ ਅਨੁਸਾਰ ਇਹ 1169 ਹਿਜ਼ਰੀ ਅਰਥਾਤ 1755–56 ਈ. ਬਣਦਾ ਹੈ) ਅਤੇ ਇਸ ਤਰਾਂ ਦੀਆਂ ਦੋ ਤੋਪਾਂ ਢਾਲੀਆਂ ਗਈਆਂ ਸਨ ।

Zamzama1

ਇਸ ਤੋਪ ਦੇ ਬਨਾਉਣ ਲਈ ਜੋ ਪਦਾਰਥ ਵਰਤਿਆ ਗਿਆ ਉਹ ਤਾਂਬੇ ਅਤੇ ਪਿਤਲ ਦਾ ਮਿਸ਼ਰਣ ਹੈ ਜੋ ਜਜ਼ੀਆ (ਹਿੰਦੂਆਂ ਅਤੇ ਸਿੱਖਾਂ ਉੱਤੇ ਲੱਗੇ ਇਕ ਕਰ) ਰਾਹੀਂ ਲਾਹੌਰ ਦੇ ਹਰ ਘਰ ਤੋਂ ਇਕ ਭਾਂਡਾ ਲੈ ਕੇ ਇਕੱਠਾ ਕੀਤਾ ਗਿਆ । ਇਸ ਤੋਪ ਦੀ ਵਰਤੋਂ 1761 ਈ. ਦੀ ਪਾਣੀਪਤ ਦੀ ਲੜਾਈ ਵਿੱਚ ਕੀਤੀ ਗਈ ਜਿਸ ਵਿਚ ਅਫ਼ਗਾਨਾਂ ਨੂੰ ਹਰਾਉਣ ਤੋਂ ਬਾਅਦ ਜਦ ਅਹਿਮਦ ਸ਼ਾਹ ਕਾਬਲ ਜਾ ਰਿਹਾ ਸੀ ਤਾਂ ਉਹ ਇਹ ਤੋਪ ਲਾਹੌਰ ਦੇ ਸੂਬੇਦਾਰ ਖ਼ਵਾਜਾ ਉਬੇਦ ਖਾਂ ਕੋਲ ਛੱਡ ਗਿਆ ਤੇ ਦੂਜੀ ਆਪਣੇ ਨਾਲ ਲੈ ਗਿਆ ਜੋ ਕਿ ਰਸਤੇ ਵਿਚ ਚਨਾਬ ਵਿਚ ਕਿਧਰੇ ਰੁੜ ਗਈ ਪਰ ਜ਼ਮਜ਼ਮਾਂ ਦੀ ਉਮਰ ਲੰਬੀ ਸੀ ।

zamzama2

1764 ਵਿਚ ਜਦੋਂ ਲਹਿਣਾ ਸਿੰਘ ਅਤੇ ਗੁੱਜਰ ਸਿੰਘ ਭੰਗੀ ਨੇ ਲਾਹੌਰ ਤੇ ਕਬਜ਼ਾ ਕਰ ਲਿਆ ਤਾਂ ਉਹਨਾਂ ਨੇ ਇਹ ਤੋਪ ਆਪਣੇ ਕਬਜ਼ੇ ਵਿਚ ਕਰ ਲਈ । ਦੋ ਦਿਨ ਬਾਅਦ ਜਦੋਂ ਚੜ੍ਹਤ ਸਿੰਘ ਸ਼ੁਕਰਚੱਕੀਆ ਭੰਗੀ ਸਰਦਾਰਾਂ ਨੂੰ ਵਧਾਈ ਦੇਣ ਆਇਆ ਤਾਂ ਉਹਨਾਂ ਨੇ ਇਹ ਤੋਪ ਉਸਨੂੰ ਦੇ ਦਿੱਤੀ । ਉਹ ਇਸ ਤੋਪ ਨੂੰ ਗੁਜਰਾਂਵਾਲੇ ਲੈ ਆਇਆ । ਇੱਥੋਂ ਇਹ ਤੋਪ ਅਹਿਮਦ ਖਾਂ ਡੱਲਾ ਆਪਣੇ ਨਵੇਂ ਬਣਾਏ ਕਿਲੇ ਅਹਿਮਦਨਗਰ ਲੈ ਆਇਆ ਜਿੱਥੇ ਇਸ ਦੀ ਮਲਕੀਅਤ ਨੂੰ ਲੈ ਕੇ ਅਹਿਮਦ ਖਾਂ ਦੀ ਆਪਣੇ ਭਰਾ ਪੀਰ ਮੁਹੰਮਦ ਨਾਲ ਲੜਾਈ ਹੋਈ ਜਿਸ ਵਿਚ ਪੀਰ ਮੁਹੰਮਦ ਦਾ ਇਕ ਪੁੱਤਰ ਅਤੇ ਅਹਿਮਦ ਖਾਂ ਦੇ ਦੋ ਪੁੱਤਰ ਮਾਰੇ ਗਏ । ਪੀਰ ਮੁਹੰਮਦ ਨੇ ਆਪਣੀ ਸੁਰੱਖਿਆ ਲਈ ਗੁੱਜਰ ਸਿੰਘ ਭੰਗੀ ਨੂੰ ਬੁਲਾ ਲਿਆ ਜਿਸ ਨੇ ਅਹਿਮਦ ਖਾਂ ਨੂੰ ਘੇਰਾ ਪਾ ਲਿਆ ਜਿਸ ਕਾਰਨ ਉਸਨੇ ਗੁੱਜਰ ਸਿੰਘ ਭੰਗੀ ਨੂੰ ਇਹ ਤੋਪ ਦੇਣੀ ਮੰਨ ਲਈ। ਗੁੱਜਰ ਸਿੰਘ ਭੰਗੀ ਨੇ ਇਹ ਤੋਪ ਆਪਣੇ ਕਬਜ਼ੇ ਵਿਚ ਲੈ ਕੇ ਗੁਜਰਾਤ ਪਹੁੰਚਾ ਦਿੱਤੀ । ਇੱਥੇ ਇਹ ਦੋ ਸਾਲ ਤਕ ਰਹੀ ਅਤੇ ਇਕ ਮੁਹਿੰਮ ਵੇਲੇ ਭੰਗੀਆਂ ਨੇ ਇਹ ਤੋਪ ਚੜ੍ਹਤ ਸਿੰਘ ਸ਼ੁਕਰਚੱਕੀਏ ਦੇ ਵਿਰੁੱਧ ਇਸਤੇਮਾਲ ਕੀਤੀ । ਇਸ ਲੜਾਈ ਵਿਚ ਭੰਗੀਆਂ ਦੀ ਹਾਰ ਹੋਈ ਅਤੇ ਇਕ ਵਾਰ ਫਿਰ ਇਹ ਤੋਪ ਚੜ੍ਹਤ ਸਿੰਘ ਸ਼ੁਕਰਚੱਕੀਏ ਦੇ ਹੱਥ ਲਗ ਗਈ । 1772 ਵਿਚ ਚੱਠੇ ਜੋ ਕਿ ਹਰ ਸਮੇਂ ਚੜ੍ਹਤ ਸਿੰਘ ਸ਼ੁਕਰਚੱਕੀਏ ਨਾਲ ਲੜਾਈ ਕਰਦੇ ਸਨ , ਨੇ ਇਸ ਤੋਪ ਤੇ ਕਬਜ਼ਾ ਕਰ ਲਿਆ । ਉਹ ਇਸਨੂੰ ਪਹਿਲਾਂ ਮਾਨਚਾਰ ਦੇ ਕਿਲੇ ਵਿਚ ਲੈ ਗਏ ਅਤੇ ਬਾਅਦ ਵਿਚ ਰਾਮਨਗਰ ਜਾ ਟਿਕਾਈ । ਅਗਲੇ ਸਾਲ ਝੰਡਾ ਸਿੰਘ ਭੰਗੀ ਨੇ ਮੁਲਤਾਨ ਤੋਂ ਵਾਪਸ ਆਉਂਦਿਆਂ ਇਸ ਤੋਪ ਨੂੰ ਆਪਣੇ ਕਬਜ਼ੇ ਵਿਚ ਕਰਕੇ ਅੰਮ੍ਰਿਤਸਰ ਪੁਹੰਚਾ ਦਿੱਤਾ ।

zamzama3

1802 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਭੰਗੀਆਂ ਨੂੰ ਅੰਮ੍ਰਿਤਸਰ ਵਿਚੋਂ ਕੱਢ ਦਿੱਤਾ ਅਤੇ ਜ਼ਮਜ਼ਮਾਂ ਤੋਪ ਤੇ ਕਬਜ਼ਾ ਕਰ ਲਿਆ । ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਸਮੇਂ ਇਹ ਤੋਪ ਬੜੀ ਸ਼ਾਨ ਨਾਲ ਰੱਖੀ ਗਈ ਅਤੇ ਪੰਜ ਵੱਡੀਆਂ ਮੁਹਿੰਮਾਂ ਡਸਕਾ, ਕਸੂਰ, ਸੁਜਾਨਪੁਰ, ਵਜ਼ੀਰਾਬਾਦ ਅਤੇ ਮੁਲਤਾਨ ਵਿਚ ਇਸ ਦੀ ਕਾਫੀ ਵਰਤੋਂ ਹੋਈ । ਮੁਲਤਾਨ ਦੀ ਮੁਹਿੰਮ (1818 ਈ.) ਵੇਲੇ ਇਸਨੂੰ ਕਾਫੀ ਨੁਕਸਾਨ ਹੋਇਆ । ਨਕਾਰਾ ਹੋ ਜਾਣ ਤੇ ਇਸਨੂੰ ਸ਼ਹਿਰ ਦੇ ਦਿੱਲੀ ਦਰਵਾਜੇ ਤੇ ਰੱਖਿਆ ਗਿਆ ਜਿੱਥੇ ਇਹ 1860 ਈ. ਤਕ ਰਹੀ ਅਤੇ ਬਾਅਦ ਵਿਚ ਇਸਨੂੰ ਲਾਹੌਰ ਅਜਾਇਬਘਰ ਦੇ ਸਾਹਮਣੇ ਰੱਖਿਆ ਗਿਆ ਜਿੱਥੇ ਇਹ ਅੱਜ ਵੀ ਮੌਜੂਦ ਹੈ । ਵਾਰ ਵਾਰ ਭੰਗੀਆਂ ਦੇ ਕਬਜ਼ੇ ਕਾਰਨ ਇਸਨੂੰ ਭੰਗੀਆਂ ਦੀ ਤੋਪ ਵੀ ਕਿਹਾ ਜਾਂਦਾ ਹੈ ।

ਸ੍ਰੋਤ : ਪੰਜਾਬ ਕੋਸ਼
ਤਸਵੀਰਾਂ : ਧੰਨਵਾਦ ਸਹਿਤ dostpakistan.pk

Please follow and like us:

Leave a Reply

Your email address will not be published. Required fields are marked *